ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਦੀਆਂ ਜਾਰੀ ਹਦਾਇਤਾਂ ਅਧੀਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਗੁਰਪੁਰਬ ਨੂੰ ਸਮਰਪਿਤ ਵਿਸ਼ੇਸ਼ ਵੈਬੀਨਾਰ-ਕਮ-ਭਾਸ਼ਣ ਕਰਵਾਇਆ ਗਿਆ। ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਕਾਲਜ ਦੇ ਐਨ.ਐਸ.ਐਸ., ਐਨ.ਸੀ.ਸੀ. ਅਤੇ ਭਾਰਤ ਸਕਾਉਟ ਐਂਡ ਗਾਈਡਜ਼ ਵਿਭਾਗਾਂ ਵੱਲੋਂ ਸਾਂਝੇ ਰੂਪ ਵਿੱਚ ਉਲੀਕੇ ਗਏ ਇਸ ਵੈਬੀਨਾਰ ਦੇ ਵਿਸ਼ੇ ‘ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਸਮਾਜਿਕ ਤੇ ਧਾਰਮਿਕ ਪਰਿਪੇਖ’ ਸਬੰਧੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਡਾ. ਸਰਬਜਿੰਦਰ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਰਸਮੀ ਸਵਾਗਤੀ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਸਵੈ-ਇੱਛਤ ਸ਼ਹਾਦਤ ਅਤੇ ਨਿੱਜਤਾ ਤੋਂ ਪਾਰ ਤਿਆਗ ਦੀ ਭਾਵਨਾ ਕਠੋਰ ਜੀਵਨ ਸਥਿਤੀਆਂ ਵਿੱਚ ਸਾਡੇ ਜੀਵਨ ਜਿਉਣ ਦੇ ਧਰਮ ਤੇ ਸਾਡੀ ਸਮਾਜਿਕ ਭੂਮਿਕਾ ਨੂੰ ਤੈਅ ਕਰਨ ਵਿੱਚ ਚਾਨਣ ਮੁਨਾਰਾ ਹੈ। ਵਿਦਵਾਨ ਵਕਤਾ ਡਾ. ਸਰਬਜਿੰਦਰ ਸਿੰਘ ਨੇ ਧਰਮ, ਸਮਾਜ, ਵਿਚਾਰਧਾਰਾ ਤੇ ਮਾਨਵੀ ਵਿਹਾਰ ਦੇ ਅੰਤਰ-ਸਬੰਧਾਂ ‘ਤੇ ਗੱਲ ਕਰਦਿਆਂ ਕਿਹਾ ਕਿ ਵਰਤਮਾਨ ਭਾਰਤੀ ਸਮਾਜਿਕ ਸਥਿਤੀਆਂ ਵਿੱਚ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ‘ਹਿੰਦ ਦੀ ਚਾਦਰ’ ਕਹੇ ਜਾਂਦੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਖੰਡ ਭਾਰਤ ਦੀ ਕਾਮਨਾ ਵਾਲੀ ਭਾਵਨਾ ਨੂੰ ਅਪਣਾਉਣਾ ਚਾਹੀਦਾ ਹੈ। ਨਿਰਭੈਅਤਾ ਅਤੇ ਸਵੈ-ਇੱਛਾ ਸਹਿਤ ਦਿੱਤੀ ਗਈ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੇ ਸਧਾਰਨ ਲੋਕਾਂ ਦੇ ਜੀਵਨ ਵਿੱਚ ਪ੍ਰਚੰਡ ਰੋਹ ਦੀ ਭਾਵਨਾ ਨੂੰ ਜਗਾਇਆ।





